ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਵਿਚ 59 ਸ਼ਬਦਾਂ (ਚਉਪਦਿਆਂ) ਦੀ ਰਚਨਾ ਕੀਤੀ ਹੈ ਅਤੇ 57 ਸ਼ਲੋਕ ਵੀ ਲਿਖੇ ਹਨ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਸੰਕਲਿਤ ਹਨ । ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ:
(i) ਗਉੜੀ 9, (ii) ਆਸਾ 1, (iii) ਦੇਵਗੰਧਾਰੀ 3, (iv) ਬਿਹਾਗੜਾ 1, (v) ਸੋਰਠਿ 12, (vi) ਧਨਾਸਰੀ 4, (vii) ਜੈਤਸਰੀ 3, (viii) ਟੋਡੀ 1, (ix) ਤਿਲੰਗ 3, (x) ਬਿਲਾਵਲ 3, (xi) ਰਾਮਕਲੀ 3, (xii) ਮਾਰੂ 3 , (xiii) ਬਸੰਤ 5, (xiv) ਸਾਰੰਗ 4, (xv) ਜੈਜਾਵੰਤੀ 4
-> ਆਪ ਦੇ ਗਉੜੀ ਰਾਗ ਵਿਚ ਰਚੇ ਨੌਂ ਚਉਪਦਿਆਂ ਵਿਚੋਂ ਸੱਤ ਦੁਪਦੇ ਅਤੇ ਦੋ ਤ੍ਰਿਪਦੇ ਹਨ । ਇਨ੍ਹਾਂ ਦਾ ਮੁੱਖ ਸਵਰ ਵਾਸਨਾਵਾਂ ਦਾ ਤਿਆਗ ਅਤੇ ਸੰਸਾਰਿਕ ਪ੍ਰਪੰਚ ਪ੍ਰਤਿ ਵੈਰਾਗ ਦੀ ਭਾਵਨਾ ਵਾਲਾ ਹੈ ।
-> ਆਸਾ ਰਾਗ ਵਿਚਲੇ ਇਕ ਚਉਪਦੇ ਵਿਚ ਗੁਰੂ ਜੀ ਨੇ ਦੁਆਰ ਦੁਆਰ ਉਤੇ ਭਟਕਣ ਵਾਲੇ ਵਿਅਕਤੀ ਨੂੰ ਸੰਬੋਧਨ ਕਰਦੇ ਹੋਇਆਂ ਮਾਨਸ-ਜਨਮ ਨੂੰ ਵਿਅਰਥ ਵਿਚ ਨਸ਼ਟ ਕਰਨੋਂ ਵਰਜਿਆ ਹੈ ।
-> ਦੇਵਗੰਧਾਰੀ ਰਾਗ ਵਿਚਲੇ ਆਪ ਦੇ ਤਿੰਨੋ ਸ਼ਬਦ ਦੁਪਦੇ ਹਨ । ਇਨ੍ਹਾਂ ਵਿਚ ਆਪ ਨੇ ਉਪਦੇਸ਼ ਦਿੱਤਾ ਹੈ ਕਿ ਹਰਿ-ਨਾਮ ਦੇ ਸਿਮਰਨ ਨਾਲ ਮਨੁੱਖ ਦਾ ਅਧਿਆਤਮਿਕ ਭਵਿਖ ਸੁਧਰਦਾ ਹੈ ।
-> ਬਿਹਾਗੜਾ ਰਾਗ ਵਿਚ ਲਿਖੇ ਇਕ ਤ੍ਰਿਪਦੇ ਵਿਚ ਆਪ ਨੇ ਅਨੇਕ ਪ੍ਰਕਾਰ ਦੇ ਪਸਾਰਾਂ ਵਾਲੇ ਸੰਸਾਰ ਦੀ ਅਨੇਕਤਾ ਪਿਛੇ ਇਕੋ ਪਰਮਾਤਮਾ ਦੀ ਸ਼ਕਤੀ ਦੀ ਸੰਚਾਰ ਦਸਿਆ ਹੈ ।
-> ਸੋਰਠ ਰਾਗ ਵਿਚ ਆਪ ਨੇ 12 ਸ਼ਬਦਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ ਚਾਰ ਦੁਪਦੇ ਹਨ ਅਤੇ ਅੱਠ ਤ੍ਰਿਪਦੇ । ਇਨ੍ਹਾਂ ਵਿਚ ਗੁਰੂ ਜੀ ਨੇ ਮ੍ਰਿਤੂ ਦੇ ਭੈ ਅਤੇ ਮਾਇਆ ਦੀ ਤੁਛਤਾ ਨੂੰ ਸਪੱਸ਼ਟ ਕੀਤਾ ਹੈ ।
-> ਧਨਾਸਰੀ ਰਾਗ ਵਿਚ ਦਰਜ ਆਪ ਦੇ ਚਾਰੇ ਸ਼ਬਦ ਦੁਪਦੇ ਹਨ । ਉਨ੍ਹਾਂ ਵਿਚ ਆਪ ਨੇ ਬਨ ਵਿਚ ਖੋਜਣ ਦੀ ਥਾਂ'ਤੇ ਹਰਿ ਨੂੰ ਅੰਦਰ ਲਭਣ ਦੀ ਤਾਕੀਦ ਕੀਤੀ ਹੈ ।
-> ਜੈਤਸਰੀ ਰਾਗ ਵਿਚਲੇ ਆਪ ਦੇ ਤਿੰਨ ਸ਼ਬਦਾਂ ਵਿਚੋਂ ਇਕ ਤ੍ਰਿਪਦਾ ਹੈ ਅਤੇ ਦੋ ਦੁਪਦੇ । ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦੀ ਸ਼ਰਣ ਵਿਚ ਜਾਣ ਦੀ ਗੱਲ ਉਤੇ ਬਹੁਤ ਬਲ ਦਿੱਤਾ ਹੈ ।
->ਟੋਡੀ ਰਾਗ ਵਿਚਲੇ ਇਕ ਦੁਪਦੇ ਵਿਚ ਗੁਰੂ ਜੀ ਨੇ ਪਰਮਾਤਮਾ ਤੋਂ ਵਿਛੁੰਨੇ ਮਨੁੱਖ ਦੀ ਅਧਮ ਅਵਸਥਾ ਦਾ ਸੁੰਦਰ ਚਿੱਤਰ ਖਿਚਿਆ ਹੈ ।
-> ਤਿਲਿੰਗ ਰਾਗ ਦੇ 'ਅਸ਼ਟਪਦੀ' ਪ੍ਰਕਰਣ ਵਿਚ ਦੁਪਦੇ-ਤ੍ਰਿਪਦੇ ਦੇ ਰੂਪਾਕਾਰ ਵਰਗੇ ਆਪ ਦੇ ਤਿੰਨ ਸ਼ਬਦ ਦਰਜ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਮਨੁੱਖ ਨੂੰ ਸਚੇਤ ਕੀਤਾ ਹੈ ਕਿ ਉਹ ਲਾਪਰਵਾਹੀ ਦੀ ਜ਼ਿੰਦਗੀ ਨ ਜੀਵੇ ਅਤੇ ਪਰਮਾਤਮਾ ਦੇ ਨਾਮ-ਸਿਮਰਨ ਵਿਚ ਤਤਪਰ ਰਹੇ ।
-> ਬਿਲਾਵਲ ਰਾਗ ਵਿਚ ਪੌਰਾਣਿਕ ਹਵਾਲਿਆਂ ਵਾਲੇ ਆਪ ਨੇ ਦੋ ਦੁਪਦੇ ਅਤੇ ਇਕ ਤ੍ਰਿਪਦਾ ਲਿਖ ਕੇ ਪਰਮਾਤਮਾ ਦੇ ਰਖਿਅਕ ਰੂਪ ਉਤੇ ਪ੍ਰਕਾਸ਼ ਪਾਇਆ ਹੈ ।
-> ਗੁਰੂ ਜੀ ਨੇ ਰਾਮਕਲੀ ਰਾਗ ਦੇ ਤਿੰਨ ਤ੍ਰਿਪਦਿਆਂ ਵਿਚ ਉਸ ਜੁਗਤ ਨੂੰ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਸ ਨਾਲ ਪਰਮਾਤਮਾ ਦੀ ਸ਼ਰਣ ਵਿਚ ਪਹੁੰਚਿਆ ਜਾ ਸਕਦਾ ਹੈ ।
-> ਮਾਰੂ ਰਾਗ ਦੇ ਤਿੰਨ ਦੁਪਦਿਆਂ ਵਿਚ ਆਪ ਨੇ ਸਪੱਸ਼ਟ ਕੀਤਾ ਹੈ ਕਿ ਮਨ ਅਨੁਸਾਰ ਚਲਣ ਨਾਲ ਮਨੁੱਖ ਦਾ ਜਨਮ ਵਿਅਰਥ ਜਾਂਦਾ ਹੈ ।
-> ਬਸੰਤ ਰਾਗ ਵਿਚ ਆਪ ਨੇ ਪੰਜ ਸ਼ਬਦ ਰਚੇ ਹਨ ਜਿਨ੍ਹਾਂ ਵਿਚੋਂ ਇਕ ਦੁਪਦਾ ਅਤੇ ਚਾਰ ਤ੍ਰਿਪਦੇ ਹਨ । ਇਨ੍ਹਾਂ ਵਿਚ ਸੰਸਾਰਿਕ ਪਦਾਰਥਾਂ ਅਤੇ ਰਿਸ਼ਤਿਆਂ ਨੂੰ ਨਿਰਾਧਾਰ ਦਸ ਕੇ ਹਰਿ-ਨਾਮ ਵਿਚ ਲੀਨ ਹੋਣ ਲਈ ਜਿਗਿਆਸੂ ਨੂੰ ਪ੍ਰੇਰਣਾ ਦਿੱਤੀ ਹੈ ।
-> ਸਾਰੰਗ ਰਾਗ ਵਿਚ ਚਾਰ ਦੁਪਦਿਆਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਚਾ ਸਹਾਇਕ ਜਾਂ ਸੰਬੰਧੀ ਨਹੀਂ ਹੈ ।
-> ਜੈਜਾਵੰਤੀ ਰਾਗ ਵਿਚ ਕੇਵਲ ਆਪ ਦੇ ਹੀ ਚਾਰ ਸ਼ਬਦ ਹਨ ਜਿਨ੍ਹਾਂ ਦਾ ਰੂਪਾਕਾਰ ਦੁਪਦਿਆਂ ਵਾਲਾ ਹੈ । ਇਨ੍ਹਾਂ ਵਿਚ ਆਪ ਨੇ ਮਾਇਆਵੀ ਰਸ-ਭੋਗਾਂ ਨੂੰ ਛਡ ਕੇ ਹਰਿ-ਨਾਮ ਵਿਚ ਲੀਨ ਹੋਣ ਲਈ ਜਿਗਿਆਸੂ ਨੂੰ ਪ੍ਰੇਰਣਾ ਦਿੱਤੀ ਹੈ ।
ਰਾਗਾਂ ਵਿਚ ਦਰਜ 59 ਸ਼ਬਦਾਂ/ਚਉਪਦਿਆਂ ਤੋਂ ਇਲਾਵਾ ਗੁਰੂ ਜੀ ਨੇ 57 ਸਲੋਕਾਂ ਦੀ ਵੀ ਰਚਨਾ ਕੀਤੀ ਹੈ । ਇਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੁਨਰ-ਸੰਪਾਦਨ ਵੇਲੇ ਅਥਵਾ ਅੰਤਿਮ ਰੂਪ ਦੇਣ ਵੇਲੇ 'ਸਲੋਕ ਵਾਰਾ ਤੇ ਵਧੀਕ' ਪ੍ਰਕਰਣ ਤੋਂ ਬਾਦ ਦਰਜ ਕਰਵਾਏ ਹਨ ।